'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

Sunday 24 November 2013

ਬੇਗਰਜ਼ ਮਹਿਕ

1.

ਬੇਗਰਜ਼ ਨੇ
ਮਹਿਕਾਂ ਜੋ ਵੰਡਦੇ 
ਫੁੱਲ ਰੰਗ ਬਰੰਗੇ  
ਗਰਜ਼ੀ ਬੰਦੇ
ਕੁਝ ਸਿੱਖੋ ਇਨ੍ਹਾਂ ਤੋਂ
ਲੈ ਕੀ ਜਾਣਾਂ ਜਹਾਂ ਤੋਂ । 

2.
ਲਾਲੀ ਉੱਡ ਕੇ
ਚੜ੍ਹੀ ਏ ਅਸਮਾਨੇ
ਖੂਨ ਹੋਆ ਮੁਲਤਾਨੇ 
ਖੂਨੀ ਰੰਗ ਦਾ
ਬੁੱਲਾ ਇੱਕ ਆਇਆ
ਦੋਵੇਂ ਘਰ ਉਜਾੜੇ । 

3.
ਢਾਬਾਂ- ਛੱਪੜ
ਭੌਣੀ,ਲੰਮੀਆਂ ਲੱਜਾਂ
ਪਿੰਡੋ -ਪਿੰਡ ਜਾ ਲੱਭਾਂ
ਮਿਟੇ ਨੇ ਸਾਰੇ
ਥੱਲੇ ਹੀ ਥੱਲੇ ਪਾਣੀ
ਬਣੂੰ ਰੇਤ-ਕਹਾਣੀ । 

ਇੰਜ:ਜੋਗਿੰਦਰ ਸਿੰਘ ਥਿੰਦ
                  (ਸਿਡਨੀ)

Monday 4 November 2013

ਕੱਖਾਂ ਦੀ ਕੁਲੀ

1.
ਪੌਲੀ ਕੁ ਤੇਲ
ਹਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ
ਇਹ ਦਿਵਾਲੀ
ਮਾਹੀ ਬਿਣ ਨਾ ਭਾਵੇ
ਦੀਵੇ ਦੀ ਲੋ ਸਤਾਵੇ ।

2.
ਮੇਰੇ ਵਰਗੇ
ਬੈਠੇ ਨੇ ਬਾਡਰ 'ਤੇ
ਕਈ ਦੀਵੇ ਘਰ ਦੇ
ਫੁੱਲ ਝਿੜੀਆਂ
ਸਿਰਾਂ ਉਤੋਂ ਲੰਗਣ
ਦਿਲੋਂ ਸੁਖਾਂ ਮੰਗਣ ।
   
3.
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ
ਅੱਜ ਦੀਵਾਲੀ
ਹਸਰਤਾਂ ਦੀ ਬਾਲ੍ਹੀ
ਭੁੱਖ-ਚਾਨਣ  ਵਾਲੀ

ਇਜੰ: ਜੋਗਿੰਦਰ ਸਿੰਘ  ਥਿੰਦ
                 (ਸਿ਼ਡਨੀ)

 

Tuesday 29 October 2013

ਮੈਂ

 1.
ਪੰਜ ਤੱਤ ਦਾ
ਹੰਡਿਆ,ਨਦੀ ਕੰਡੇ
ਮਸਾਂ ਝੱਲੇ ਥਪੇੜੇ
ਮੰਗੇ ਨਾ ਮਿਲੇ
ਭੁਗਤੇ ਜਿੰਨੀ ਲਿਖੀ
ਮਿੱਟੀ 'ਚ ਮਿੱਟੀ ਮਿਲੀ । 

2.
ਲੇਖ ਮੱਥੇ ਦੇ
ਕੌਣ ਬੁੱਝੇ ਤੇ ਦੱਸੇ
ਪਿਛਲੇ ਜਾਂ ਅਗਲੇ 
ਮਨ ਜੇ ਖੁਸ਼
ਤਾਂ ਭਾਗ ਹਨ ਚੰਗੇ
ਨਹੀਂ ਤਾਂ ਮੰਦੇ-ਮੰਦੇ । 


ਇੰਜ: ਜੋਗਿੰਦਰ ਸਿੰਘ ਥਿੰਦ
               (ਸਿੰਡਨੀ)

 

Friday 25 October 2013

ਅੱਲੜ ਪੁਕਾਰ

ਸੁਣ ਮਾਏ ਮੇਰੀਏ ਨੀ, ਮੇਰੀ ਹਾਨਣਾ ਦਾ ਲੰਘ ਗਿਆ ਪੂਰ ।

ਜਿਵੇਂ ਢਿੱਡ ਰੋਟੀ ਮੰਗਦਾ,ਇਵੇਂ ਮਾਂਗ ਮੇਰੀ ਮੰਗਦੀ ਸੰਧੂਰ ।

ਅੱਗੇ ਸ਼ੀਸ਼ੇ ਦੇ ਖਲੋ ਕੇ, ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ ।

ਕਦੀ ਕਰਦੀ ਹਾਂ ਗੁੱਤ, ਕਦੀ ਜੂੜਾ ਢਾਹ ਕਰਾਂ ਵਾਰ ਵਾਰ ।

ਬੁੱਤ ਜਿਹਾ ਬਣ ਜਾਂਦੀ,ਵੇਖ ਵੇਖ ਮੈਨੂੰ ਅੱਤ ਚੜ੍ਹਦਾ ਸਰੂਰ ।
                                ਸੁਣ ਮਾਏ ਮੇਰੀਏ ਨੀ...............

ਕਦੀ ਅੱਗ ਲੱਗ ਲੱਗ ਜਾਏ, ਕਦੀ ਉਠ ਬੈਠਾਂ ਅੱਬੜ ਵਾਹੇ

ਲੱਗਦਾ ਏ ਬਾਰ ਬਾਰ ਮੈਨੂੰ, ਜਿਵੇਂ ਕੋਈ ਘੋੜੀ ਚੜੀ ਆਵੇ ।

ਦਿਲ ਵੱਜੇ ਮੇਰਾ ਧੱਕ ਧੱਕ, ਮੈਨੂੰ ਦੱਸੋ ਮੇਰਾ ਕੀ ਹੈ ਕਸੂਰ ।
   
                                 ਸੁਣ ਮਾਏ ਮੇਰੀਏ ਨੀ............    

ਗੁੱਡੀਆਂ ਪਟੋਲੇ ਮੈਨੂੰ ਉਕੇ, ਹੁਣ ਚੰਗੇ ਨਹੀਓਂ ਲੱਗਦੇ

ਭਾਬੀਆਂ ਦੇ ਸਭੇ ਗਹਿਣੇ , ਮੈਨੂੰ ਬਹੁਤ ਸੋਹਣੇ ਲੱਗਦੇ

 ਪਾ ਕੇ ਪੰਜੇਬਾਂ ਮੈਨੂੰ  ਵੇਖ , ਡਾਹਡਾ ਚੜ੍ਹਦਾ  ਫਤੂਰ

ਸੁਣ ਮਾਏ ਮੇਰੀਏ,ਮੇਰੀਆਂ ਹਾਨਣਾਂ ਦਾ ਲੰਘ ਗਿਆ ਪੂਰ

ਜਿਵੇਂ ਢਿੱਡ ਰੋਟੀ ਮੰਗਦਾ,ਇਵੇ ਮਾਂਗ ਮੇਰੀ ਮੰਗਦੀ ਸੰਧੂਰ

     ਇੰਜ: ਜੋਗਿੰਦਰ ਸਿੰਘ  ਥਿੰਦ
                 ( ਸਿਡਨੀ)
 

Tuesday 22 October 2013

ਇਹੋ ਕਹਾਣੀ

1.
ਵਿੱਚ ਵਿਹੜੇ
ਇੱਕ ਬੂਟਾ ਲਾਇਆ
ਖਾਦ-ਪਾਣੀ ਪਾਇਆ
ਲੱਗਿਆ ਬੂਰ
ਤਨ -ਮਨ ਸੜਿਆ
ਕਹਿਰ ਹੈ ਵਰ੍ਹਿਆ । 

2.

ਇੱਕ ਪਟੋਲਾ
ਗੁੱਡੀ ਸਿਰ ਪਾਇਆ
ਤੇ ਲਾਡ ਲਡਾਇਆ
ਕਿੱਥੇ ਗੁੱਡੀਆਂ
ਬਚਪਨ ਗੁਆਚਾ
ਖਾਧੇ ਦੋਵੇਂ ਜਵਾਨੀ । 

ਇੰਜ: ਜੋਗਿੰਦਰ ਸਿੰਘ  "ਥਿੰਦ"
             (ਸਿਡਨੀ)

Sunday 6 October 2013

ਮਾਰ ਸੁਹਾਗਾ

(1)
ਤੜਕੇ ਉੱਠ
ਪਾ ਬਲਦਾਂ ਪੰਜਾਲੀ
ਕੱਢੇ ਸਿਆੜ |
     
(2)
ਪਾਉਂਦਾ ਬੀਜ
ਹੋਈ ਤਿਆਰ ਪੈਲੀ
ਮਾਰ ਸੁਹਾਗਾ |

 (3)
ਥੱਕੇ ਬਲਦ
ਪਿੰਡੇ ਦੇਵੇ ਥਾਪੀਆਂ 
ਪਾਵੇ ਗਤਾਵਾ | 


ਇੰ- ਜੋਗਿੰਦਰ ਸਿੰਘ ਥਿੰਦ
              ( ਸਿਡਨੀ)

Friday 4 October 2013

ਕਿਸ ਹੱਥ ਡੋਰ

1.
ਚੜੀ ਪਤੰਗ
ਕਿਸੇ ਹੱਥ ਹੈ ਡੋਰ
ਹਵਾ ਅੱਗੇ ਕੀ ਜੋਰ
ਹੰਕਾਰੀ ਡੁੱਬਾ 
ਕਰਦਾ ਮੇਰੀ ਮੇਰੀ
ਕੀ ਹੈ ਵੁਕਤ ਤੇਰੀ |

2.
ਚਿਹਰੇ ਵੱਖ
ਰੱਬ ਨੇ ਲਿਖੇ ਲੇਖ
ਬਣਾਏ ਆਪੇ ਭੇਖ
ਬੰਦੇ ਦੇ ਕਾਰੇ
ਖੂਨ ਦਾ ਇਕੋ ਰੰਗ
ਫਿਰ ਕਿਉਂ ਏ ਜੰਗ |

ਇੰ:ਜੋਗਿੰਦਰ ਸਿੰਘ  ਥਿੰਦ
(ਸਿਡਨੀ)